ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰਿਆਣਾ ਸਰਕਾਰ ਦੇ ਗਜ਼ਟ ਨੰ. ਵਾਈਡ S.0.79/H.A.22/2014/5.1/2014 ਦੁਆਰਾ ਕਾਨੂੰਨੀ ਰੂਪ ਵਿਚ ਸਥਾਪਿਤ ਸਿੱਖ ਪੰਥ ਦੀ ਧਾਰਮਿਕ ਸੰਸਥਾ ਹੈ। ਇਸ ਕਮੇਟੀ ਦਾ ਕਾਰਜ ਹਰਿਆਣਾ ਰਾਜ ਦੇ ਇਤਿਹਾਸਕ ਗੁਰਦੁਆਰਿਆਂ ਤੇ ਵਿੱਦਿਅਕ ਅਦਾਰਿਆਂ ਦੀ ਸੇਵਾ ਸੰਭਾਲ ਕਰਨੀ, ਧਾਰਮਿਕ ਸਮਾਗਮ ਕਰਵਾਉਣੇ ਅਤੇ ਸਿੱਖ ਧਰਮ ਨਾਲ ਸਬੰਧਤ ਸਾਹਿਤ ਸਮਾਜ ਮੁਹੱਈਆ ਕਰਵਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ। ਇਸ ਕਮੇਟੀ ਦੀ ਸਥਾਪਨਾ ਪਿੱਛੇ ਹਰਿਆਣੇ ਦੇ ਸਿੱਖਾਂ ਦੀ ਦੋ ਦਹਾਕਿਆਂ ਤੋਂ ਲੰਮੇਰੀ ਸੰਘਰਸ਼ਮਈ ਗਾਥਾ ਹੈ। ਹਰਿਆਣਾ ਰਾਜ ਦੇ ਸਿੱਖਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੇ ਜਾ ਰਹੇ ਪ੍ਰਬੰਧਕੀ ਵਿਤਕਰਿਆਂ ਖਿਲਾਫ ਹਰਿਆਣਾ ਪ੍ਰਦੇਸ਼ ਦੇ ਸਿੱਖਾਂ ਨੇ ਆਵਾਜ਼ ਉਠਾਉਂਦੇ ਹੋਏ 1996 ਈ. ਤੋਂ ਬਾਅਦ ਹਰਿਆਣਾ ਰਾਜ ਦੇ ਗੁਰਧਾਮਾਂ ਲਈ ਵੱਖਰੀ ਪ੍ਰਬੰਧਕ ਕਮੇਟੀ ਦੀ ਮੰਗ ਸ਼ੁਰੂ ਕੀਤੀ। ਸ. ਹਰਬੰਸ ਸਿੰਘ ਡਾਚਰ ਹਰਿਆਣਾ ਕਮੇਟੀ ਦੀ ਮੰਗ ਦੀ ਸ਼ੁਰੂਆਤ ਕਰਨ ਵਾਲੇ ਮੋਹਰੀ ਸਿੱਖ ਸਨ ਜਿਨ੍ਹਾਂ ਦੀ ਮੰਗ ਦਾ ਸਮਰਥਨ ਕਰਦੇ ਹੋਏ ਸ. ਜਗਦੀਸ਼ ਸਿੰਘ ਝੀਂਡਾ, ਸ. ਦੀਦਾਰ ਸਿੰਘ ਨਲਵੀ, ਸ. ਜਰਨੈਲ ਸਿੰਘ ਅਜਰਾਣਾ, ਸ. ਤ੍ਰਿਲੋਕ ਸਿੰਘ ਮਾਨ, ਮਾਸਟਰ ਸੰਪੂਰਨ ਸਿੰਘ ਰਾਣੀਆਂ ਆਦਿ ਮੁਖੀ ਸਿੱਖ ਉਨ੍ਹਾਂ ਨਾਲ ਜੁੜਦੇ ਗਏ । ਸ. ਦੀਦਾਰ ਸਿੰਘ ਨਲਵੀ ਨੇ ਇਸ ਕਮੇਟੀ ਦਾ ਕਾਨੂੰਨੀ ਆਧਾਰ ਤਿਆਰ ਕੀਤਾ। 27 ਦਸੰਬਰ, 2000 ਈ. ਨੂੰ ਕੁਰੂਕਸ਼ੇਤਰ ਦੀ ਧਰਤੀ ’ਤੇ ਬਾਬਾ ਚਰਨ ਸਿੰਘ ਦੇ ਡੇਰਾ ਕਾਰ ਸੇਵਾ ਵਿਖੇ ਮੀਟਿੰਗ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਲਈ ਵਿਚਾਰ ਕੀਤੀ ਗਈ। ਜਨਵਰੀ 2003 ਈ. ਵਿਚ ਹਰਿਆਣੇ ਦੇ ਗੁਰਧਾਮਾਂ ਦੇ ਪ੍ਰਬੰਧ ਲਈ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿਸਟਰਡ ਕਰਵਾਈ ਗਈ। ਸ. ਤ੍ਰਿਲੋਕ ਸਿੰਘ ਮਾਨ (ਸਾਬਕਾ ਜੇਲ ਸੁਪਰਡੈਂਟ) ਨੂੰ ਇਸ ਕਮੇਟੀ ਦਾ ਸਰਪ੍ਰਸਤ ਬਣਾਇਆ ਗਿਆ, ਸ. ਹਰਬੰਸ ਸਿੰਘ ਡਾਚਰ ਨੂੰ ਇਸ ਕਮੇਟੀ ਦਾ ਪ੍ਰਧਾਨ ਅਤੇ ਸ. ਜਗਦੀਸ਼ ਸਿੰਘ ਝੀਂਡਾ ਨੂੰ ਜਨਰਲ ਸਕੱਤਰ ਥਾਪਿਆ ਗਿਆ।