r̥r̥ Haryana Gurdwara Management Committee

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰਿਆਣਾ ਸਰਕਾਰ ਦੇ ਗਜ਼ਟ ਨੰ. ਵਾਈਡ S.0.79/H.A.22/2014/5.1/2014 ਦੁਆਰਾ ਕਾਨੂੰਨੀ ਰੂਪ ਵਿਚ ਸਥਾਪਿਤ ਸਿੱਖ ਪੰਥ ਦੀ ਧਾਰਮਿਕ ਸੰਸਥਾ ਹੈ। ਇਸ ਕਮੇਟੀ ਦਾ ਕਾਰਜ ਹਰਿਆਣਾ ਰਾਜ ਦੇ ਇਤਿਹਾਸਕ ਗੁਰਦੁਆਰਿਆਂ ਤੇ ਵਿੱਦਿਅਕ ਅਦਾਰਿਆਂ ਦੀ ਸੇਵਾ ਸੰਭਾਲ ਕਰਨੀ, ਧਾਰਮਿਕ ਸਮਾਗਮ ਕਰਵਾਉਣੇ ਅਤੇ ਸਿੱਖ ਧਰਮ ਨਾਲ ਸਬੰਧਤ ਸਾਹਿਤ ਸਮਾਜ ਮੁਹੱਈਆ ਕਰਵਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ। ਇਸ ਕਮੇਟੀ ਦੀ ਸਥਾਪਨਾ ਪਿੱਛੇ ਹਰਿਆਣੇ ਦੇ ਸਿੱਖਾਂ ਦੀ ਦੋ ਦਹਾਕਿਆਂ ਤੋਂ ਲੰਮੇਰੀ ਸੰਘਰਸ਼ਮਈ ਗਾਥਾ ਹੈ। ਹਰਿਆਣਾ ਰਾਜ ਦੇ ਸਿੱਖਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੇ ਜਾ ਰਹੇ ਪ੍ਰਬੰਧਕੀ ਵਿਤਕਰਿਆਂ ਖਿਲਾਫ ਹਰਿਆਣਾ ਪ੍ਰਦੇਸ਼ ਦੇ ਸਿੱਖਾਂ ਨੇ ਆਵਾਜ਼ ਉਠਾਉਂਦੇ ਹੋਏ 1996 ਈ. ਤੋਂ ਬਾਅਦ ਹਰਿਆਣਾ ਰਾਜ ਦੇ ਗੁਰਧਾਮਾਂ ਲਈ ਵੱਖਰੀ ਪ੍ਰਬੰਧਕ ਕਮੇਟੀ ਦੀ ਮੰਗ ਸ਼ੁਰੂ ਕੀਤੀ। ਸ. ਹਰਬੰਸ ਸਿੰਘ ਡਾਚਰ ਹਰਿਆਣਾ ਕਮੇਟੀ ਦੀ ਮੰਗ ਦੀ ਸ਼ੁਰੂਆਤ ਕਰਨ ਵਾਲੇ ਮੋਹਰੀ ਸਿੱਖ ਸਨ ਜਿਨ੍ਹਾਂ ਦੀ ਮੰਗ ਦਾ ਸਮਰਥਨ ਕਰਦੇ ਹੋਏ ਸ. ਜਗਦੀਸ਼ ਸਿੰਘ ਝੀਂਡਾ, ਸ. ਦੀਦਾਰ ਸਿੰਘ ਨਲਵੀ, ਸ. ਜਰਨੈਲ ਸਿੰਘ ਅਜਰਾਣਾ, ਸ. ਤ੍ਰਿਲੋਕ ਸਿੰਘ ਮਾਨ, ਮਾਸਟਰ ਸੰਪੂਰਨ ਸਿੰਘ ਰਾਣੀਆਂ ਆਦਿ ਮੁਖੀ ਸਿੱਖ ਉਨ੍ਹਾਂ ਨਾਲ ਜੁੜਦੇ ਗਏ ।

ਸ. ਦੀਦਾਰ ਸਿੰਘ ਨਲਵੀ ਨੇ ਇਸ ਕਮੇਟੀ ਦਾ ਕਾਨੂੰਨੀ ਆਧਾਰ ਤਿਆਰ ਕੀਤਾ। 27 ਦਸੰਬਰ, 2000 ਈ. ਨੂੰ ਕੁਰੂਕਸ਼ੇਤਰ ਦੀ ਧਰਤੀ ’ਤੇ ਬਾਬਾ ਚਰਨ ਸਿੰਘ ਦੇ ਡੇਰਾ ਕਾਰ ਸੇਵਾ ਵਿਖੇ ਮੀਟਿੰਗ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਲਈ ਵਿਚਾਰ ਕੀਤੀ ਗਈ। ਜਨਵਰੀ 2003 ਈ. ਵਿਚ ਹਰਿਆਣੇ ਦੇ ਗੁਰਧਾਮਾਂ ਦੇ ਪ੍ਰਬੰਧ ਲਈ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿਸਟਰਡ ਕਰਵਾਈ ਗਈ। ਸ. ਤ੍ਰਿਲੋਕ ਸਿੰਘ ਮਾਨ (ਸਾਬਕਾ ਜੇਲ ਸੁਪਰਡੈਂਟ) ਨੂੰ ਇਸ ਕਮੇਟੀ ਦਾ ਸਰਪ੍ਰਸਤ ਬਣਾਇਆ ਗਿਆ, ਸ. ਹਰਬੰਸ ਸਿੰਘ ਡਾਚਰ ਨੂੰ ਇਸ ਕਮੇਟੀ ਦਾ ਪ੍ਰਧਾਨ ਅਤੇ ਸ. ਜਗਦੀਸ਼ ਸਿੰਘ ਝੀਂਡਾ ਨੂੰ ਜਨਰਲ ਸਕੱਤਰ ਥਾਪਿਆ ਗਿਆ।

ਤ੍ਰਿਲੋਕ ਸਿੰਘ ਮਾਨ ਅਤੇ ਸ. ਹਰਬੰਸ ਸਿੰਘ ਡਾਚਰ ਦੇ ਚਲਾਣੇ ਤੋਂ ਬਾਅਦ ਮਾਸਟਰ ਸੰਪੂਰਨ ਸਿੰਘ ਰਾਣੀਆਂ ਇਸ ਕਮੇਟੀ ਦੇ ਸਰਪ੍ਰਸਤ ਬਣੇ, ਸ. ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਅਤੇ ਦੀਦਾਰ ਸਿੰਘ ਨਲਵੀ ਨੂੰ ਜਨਰਲ ਸਕੱਤਰ ਬਣਾਇਆ ਗਿਆ। ਇਸ ਕਮੇਟੀ ਦੇ ਰਜਿਸਟਰਡ ਹੋਣ ਤੋਂ ਬਾਅਦ ਹਰਿਆਣੇ ਦੀ ਸਿੱਖ ਸੰਗਤ ਵਿਚ ਵੱਖਰੀ ਕਮੇਟੀ ਦੀ ਮੰਗ ਵੱਡੇ ਪੱਧਰ ’ਤੇ ਜ਼ੋਰ ਫੜਣ ਲੱਗੀ। ਜੂਨ 2004 ਈ. ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਹਰਿਆਣਾ ਕਮੇਟੀ ਦੇ ਸੰਘਰਸ਼ ਨੂੰ ਇਕ ਅਹਿਮ ਪ੍ਰਾਪਤੀ ਹੋਈ ਜਦੋਂ ਹਰਿਆਣੇ ਦੀਆਂ 11 ਸੀਟਾਂ ਵਿਚੋਂ 07 ਸੀਟਾਂ ਉੱਪਰ ਹਰਿਆਣਾ ਕਮੇਟੀ ਲਈ ਸੰਘਰਸ਼ ਕਰ ਰਹੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਜੇਤੂ ਉਮੀਦਵਾਰਾਂ ਵਿਚ ਸ. ਜਗਦੀਸ਼ ਸਿੰਘ ਝੀਂਡਾ. ਸ. ਦੀਦਾਰ ਸਿੰਘ ਨਲਵੀ, ਬੀਬੀ ਰਵਿੰਦਰ ਕੌਰ ਅਜਰਾਣਾ ਆਦਿ ਦੇ ਨਾਮ ਪ੍ਰਮੁੱਖ ਹਨ।

ਸਿੱਖ ਸੰਗਤ ਦੀ ਮੰਗ ਨੂੰ ਵੇਖਦੇ ਹੋਏ 2005 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਹਰਿਆਣਾ ਪ੍ਰਦੇਸ਼ ਦੀ ਵੱਖਰੀ ਪ੍ਰਬੰਧਕ ਕਮੇਟੀ ਬਣਾਉਣ ਦੇ ਵਾਅਦੇ ਨੂੰ ਸ਼ਾਮਿਲ ਕੀਤਾ ਅਤੇ 67 ਸੀਟਾਂ ’ਤੇ ਵੱਡੀ ਜਿੱਤ ਪ੍ਰਾਪਤ ਕੀਤੀ। ਕਾਂਗਰਸ ਪਾਰਟੀ ਦੁਆਰਾ ਵੱਖਰੀ ਪ੍ਰਬੰਧਕ ਕਮੇਟੀ ਬਣਾਉਣ ਦੇ ਵਾਅਦੇ ਤੋਂ ਟਾਲ ਮਟੋਲ ਕਰਨ ਦੇ ਵਿਰੋਧ ਵਿਚ ਹਰਿਆਣਾ ਕਮੇਟੀ ਦੀ ਲੜਾਈ ਲੜ ਰਹੇ ਆਗੂਆਂ ਨੇ ਇਸ ਕਮੇਟੀ ਦੀ ਸਥਾਪਨਾ ਲਈ ਲੰਮਾ ਸੰਘਰਸ਼ ਲੜਿਆ। ਸ. ਜਗਦੀਸ਼ ਸਿੰਘ ਝੀਂਡਾ ਦੇ ਨਾਲ ਸ. ਕੰਵਲਜੀਤ ਸਿੰਘ ਅਜਰਾਣਾ ਨੇ ਇਸ ਸੰਘਰਸ਼ ਦੌਰਾਨ ਹਰਿਆਣਾ ਕਮੇਟੀ ਦੀ ਨੌਜਵਾਨ ਇਕਾਈ ਦੇ ਸੂਬਾ ਪ੍ਰਧਾਨ ਵਜੋਂ ਅਹਿਮ ਭੂਮਿਕਾ ਅਦਾ ਕੀਤੀ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ, ਐਮ ਪੀ ਨਵੀਨ ਜਿੰਦਲ ਦੀ ਕੋਠੀ ਅੱਗੇ ਧਰਨਾ ਲਗਾਇਆ ਗਿਆ, ਲਗਭਗ ਇਕ ਮਹੀਨਾ 11-11 ਜਥਿਆਂ ਦੇ ਰੂਪ ਵਿਚ ਗ੍ਰਿਫਤਾਰੀਆਂ ਦਿਤੀਆਂ ਗਈਆਂ, ਸੜਕ ਜਾਮ ਕੀਤੇ ਗਏ। ਖੇਤੀ ਮੰਤਰੀ ਸ. ਹਰਮੋਹਿੰਦਰ ਸਿੰਘ ਚੱਠਾ ਦੀ ਕੋਠੀ ਦੇ ਬਾਹਰ 111 ਦਿਨਾਂ ਦਾ ਧਰਨਾ ਲਗਾਇਆ ਗਿਆ ਅਤੇ ਹਰਿਆਣਾ ਸਰਕਾਰ ਨੂੰ ਵੱਖਰੀ ਕਮੇਟੀ ਦੇ ਹੱਕ ਵਿਚ ਡੇਢ ਲੱਖ ਸਿੱਖਾਂ ਦੇ ਮੰਗ ਪੱਤਰ ਸੌਂਪੇ ਗਏ।

ਹਰਿਆਣਾ ਸਰਕਾਰ ਦੁਆਰਾ ਕਮੇਟੀ ਦੀ ਮੰਗ ’ਤੇ ਵਿਚਾਰ ਕਰਨ ਲਈ ਖੇਤੀ ਮੰਤਰੀ ਸ. ਹਰਮੋਹਿੰਦਰ ਸਿੰਘ ਚੱਠਾ ਅਤੇ ਰਣਦੀਪ ਸਿੰਘ ਸੂਰਜੇਵਾਲਾ ਦੀ ਪ੍ਰਧਾਨਗੀ ਹੇਠ ਦੋ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਜਿਨ੍ਹਾਂ ਨੇ ਵੱਖਰੀ ਕਮੇਟੀ ਦੇ ਹੱਕ ਵਿਚ ਆਪਣੀ ਰਿਪੋਰਟ ਪੇਸ਼ ਕੀਤੀ। ਅੰਤ ਲੰਮੇ ਸੰਘਰਸ਼ ਤੋਂ ਬਾਅਦ ਹਰਿਆਣਾ ਸਰਕਾਰ ਨੇ 11 ਜੁਲਾਈ, 2014 ਨੂੰ ਵਿਧਾਨ ਸਭਾ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹੱਕ ਵਿਚ ਬਿਲ ਪਾਸ ਕੀਤਾ। 26 ਜੁਲਾਈ, 2014 ਈ. ਸ. ਜਗਦੀਸ਼ ਸਿੰਘ ਝੀਂਡਾ ਇਸ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ। ਬੇਸ਼ਕ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਂਦ ਵਿਚ ਆ ਚੁੱਕੀ ਸੀ ਪ੍ਰੰਤੂ ਹਰਿਆਣਾ ਰਾਜ ਦੇ ਸਮੁੱਚੇ ਗੁਰਦਾਰਿਆਂ ਦੀ ਸੇਵਾ ਸੰਭਾਲਣ ਲਈ ਇਸ ਕਮੇਟੀ ਨੂੰ ਸੁਪਰੀਮ ਕੋਰਟ ਵਿਚ ਸਾਲਾਂ ਬੱਧੀ ਕਾਨੂੰਨੀ ਲੜਾਈ ਲੜਣੀ ਪਈ। 20 ਸਤੰਬਰ, 2022 ਈ. ਨੂੰ ਸੁਪਰੀਮ ਕੋਰਟ ਦੁਆਰਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਨ ਤੋਂ ਬਾਅਦ ਗੁਰੂ ਪਾਤਸ਼ਾਹ ਦੀ ਬਖਸਿਸ਼ ਸਦਕਾ ਇਸ ਕਮੇਟੀ ਦੇ ਸੰਘਰਸ਼ ਦਾ ਅੰਤਿਮ ਕਿਲ੍ਹਾ ਵੀ ਫਤਿਹ ਹੋ ਗਿਆ। ਫਰਵਰੀ 2023 ਈ. ਵਿਚ ਹਰਿਆਣਾ ਰਾਜ ਦੇ ਸਮੁੱਚੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੁਆਰਾ ਸੰਭਾਲੀ ਗਈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਕੀ ਢਾਂਚੇ ਦਾ ਸੰਚਾਲਨ ਹਰਿਆਣੇ ਭਰ ਦੇ 40 ਹਲਕਿਆਂ ਦੇ ਸਿੱਖ ਵੋਟਰਾਂ ਦੁਆਰਾ ਲੋਕਤੰਤਰੀ ਢੰਗ ਨਾਲ ਚੁਣੇ ਗਏ 40 ਸਿੱਖ ਮੈਂਬਰਾਂ ਦੁਆਰਾ ਕੀਤਾ ਜਾਂਦਾ ਹੈ ਅਤੇ 40 ਚੁਣੇ ਹੋਏ ਮੈਂਬਰ ਆਪਣੇ ਵਿਚੋਂ ਪ੍ਰਧਾਨ ਦੀ ਚੋਣ ਕਰਦੇ ਹਨ। ਗੁਰਦੁਆਰਾ ਚੋਣ ਕਮਿਸ਼ਨ, ਹਰਿਆਣਾ ਇਨ੍ਹਾਂ ਚੋਣਾਂ ਦਾ ਸੰਚਾਲਨ ਕਰਦਾ ਹੈ। ਮੌਜੂਦਾ ਸਮੇਂ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਗੁਰ ਮਰਿਯਾਦਾ ਅਤੇ ਸੰਗਤ ਦੀ ਭਾਵਨਾ ਅਨੁਸਾਰ ਲਗਭਗ 52 ਇਤਿਹਾਸਕ ਗੁਰਦੁਆਰਿਆਂ ਅਤੇ 5 ਵਿਦਿਅਕ ਅਦਾਰਿਆਂ ਦਾ ਸੇਵਾ ਸੰਭਾਲ ਰਹੀ ਹੈ। ਗੁਰੂ ਸਾਹਿਬ ਦੀ ਕਿਰਪਾ ਸਦਕਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਮੂਹ ਪ੍ਰਬੰਧਕੀ ਅਹੁਦੇਦਾਰ, ਅਧਿਕਾਰੀ ਅਤੇ ਮੁਲਾਜ਼ਮ ਸਿੱਖੀ ਦੇ ਪ੍ਰਚਾਰ-ਪਸਾਰ ਲਈ ਨਿਰੰਤਰ ਯਤਨਸ਼ੀਲ ਹਨ।